ਜਿੰਦ ਮਜਾਜਣ
ਜੀਣ ਨਾ ਦੇਂਦੀ
ਜੇ ਮੈਂ ਮਰਦਾਂ
ਹਾੜੇ ਕੱਢਦੀ
ਜੇ ਥੀਂਦਾ
ਮੈਨੂੰ ਥੀਣ ਨਾ ਦੇਂਦੀ
ਜਿੰਦ ਮਜਾਜਣ
ਜੀਣ ਨਾ ਦੇਂਦੀ ।
ਜੇ ਮੈਂ ਕਹਿੰਦਾ-
ਆ ਟੁਰ ਚੱਲੀਏ
ਕਿਧਰੇ ਦੇਸ਼ ਪਰਾਏ
ਤਾਂ ਆਖੇ-
ਜੇ ਪੈਰ ਪੁਟੀਵਾਂ
ਚਾਨਣ ਮਿੱਧਿਆ ਜਾਏ
ਜੇ ਰਾਹਾਂ 'ਚੋਂ ਚਾਨਣ ਚੁਗਦਾਂ
ਇਕ ਵੀ ਕਿਰਨ ਚੁਗੀਣ ਨਾ ਦੇਂਦੀ
ਜਿੰਦ ਮਜਾਜਣ
ਜੀਣ ਨਾ ਦੇਂਦੀ ।
ਜੇ ਜ਼ਿੰਦਗੀ ਦਾ ਪਾਣੀ ਮੰਗਦਾਂ
ਤਾਂ ਭੰਨ੍ਹ ਸੁੱਟਦੀ ਕਾਸੇ
ਆਖੇ ਭਾਵੇਂ ਸਰਵਰ ਛਲਕਣ
ਆਸ਼ਕ ਮਰਨ ਪਿਆਸੇ
ਜੇ ਮੈਂ ਘੋਲ ਹਲਾਹਲ ਪੀਂਦਾਂ
ਉਹ ਵੀ ਮੈਨੂੰ
ਪੀਣ ਨਾ ਦੇਂਦੀ
ਜਿੰਦ ਮਜਾਜਣ
ਜੀਣ ਨਾ ਦੇਂਦੀ ।
ਜੇ ਆਖਾਂ ਦਿਲ ਪਾਟ ਗਿਆ
ਇਹਨੂੰ ਲਾ ਵਸਲਾਂ ਦੇ ਤੋਪੇ
ਤਾਂ ਆਖੇ ਕੋਈ ਸੂਈ ਕੰਧੂਈ
ਪੁੜ ਜਾਊ ਮੇਰੇ ਪੋਟੇ
ਨਾ ਪੂਰਾ ਦਿਲ ਪਾਟਣ ਦੇਂਦੀ
ਨਾ ਪੂਰਾ ਇਹਨੂੰ
ਸੀਣ ਹੀ ਦੇਂਦੀ
ਜਿੰਦ ਮਜਾਜਣ
ਜੀਣ ਨਾ ਦੇਂਦੀ ।
ਜਿੰਦੇ ਨੀ ਤੇਰੀ ਖ਼ੈਰ ਬਲਾਈਂ
ਹੋ ਆਸੇ ਜਾਂ ਪਾਸੇ
ਹੋਰ ਨਾ ਸਾਥੋਂ ਕੱਟਣ ਹੁੰਦੇ
ਬਿਰਹੋਂ ਦੇ ਜਗਰਾਤੇ
ਹੁਣ ਸਾਹਵਾਂ ਦੀ ਬੌਲੀ ਵਿਚੋਂ
ਕਿਸਮਤ ਘੁੱਟ ਭਰੀਣ ਨਾ ਦੇਂਦੀ
ਜੇ ਮੈਂ ਮਰਦਾਂ ਹਾੜੇ ਕੱਢਦੀ
ਜੇ ਥੀਵਾਂ
ਮੈਨੂੰ ਥੀਣ ਨਾ ਦੇਂਦੀ ।
The first time progressive of modern Indian Arts ,Science , Rationality, Awareness , Curiosity,Courage, Persistence
Comments