ਜਾਣਦਾਂ-ਉਹਨੂੰ ਉੱਕਾ ਹੀ ਭਾਂਉਂਦਾ ਨਹੀਂ ਹੋਣਾ
ਮੇਰੇ ਅੰਦਰ ਮਰੇ ਹੋਏ ਭੰਗੜੇ ਦੀ ਲਾਸ਼ ਨੂੰ ਤੱਕਣਾ,
ਪਿੰਡ ਤੋਂ ਸ਼ਹਿਰ -ਸ਼ਹਿਰ ਤੋਂ ਦੇਸ਼
ਤੇ ਦੇਸੋਂ ਨ ਦੇਸੀ ਹੋ ਗਈ ਮੇਰੀ ਪਿਆਸ ਦੇ ਬਨੇਰੇ ਤੇ ਸੁੱਕਣੇ ਪਈ
ਅਲਗੋਜ਼ੇ ਦੀ ਕਲੀ ਓਸ ਨੂੰ ਜਾਪਦੀ ਹੋਣੀ ਏਂ
ਕਿਸੇ ਤਿੜਕੇ ਰਿਕਾਰਡ ਤੇ ਘਰਕਦੀ ਸੂਈ ਵਾਂਗ
ਉਹਨੂੰ ਨਿੱਤ ਦੇ ਸ਼ਰਾਬੀ ਬਾਪ ਦੀਆਂ ਫੌਹੜਾਂ 'ਚ ਝਉਂ ਗਈ ਅਣਖ ਵਾਂਗ
ਹੋਰੂੰ ਜਿਹਾ ਲਗਦਾ ਹੋਊ
ਮੇਰੇ ਦੀਦਿਆਂ ਵਿਚ ਬਿੰਦੂ ਜਿੰਨਾ ਰਹਿ ਗਿਆ
ਦਿਸਹੱਦੇ ਤੱਕ ਫੈਲੇ ਹੋਏ ਖੇਤਾਂ ਦਾ ਬਿੰਬ
ਜਾਣਦਾਂ-ਉਹ ਡਰੀ ਹਿਰਨੀ ਜਿਹੀ ਬੜਾ ਕੁਝ ਕਰੇਗੀ
ਚੂਚਿਆਂ ਦਾ ਖੁੱਡਾ ਖੋਲ੍ਹਣ ਲੱਗਿਆਂ ਕੰਬ ਜਾਇਆ ਕਰੇਗੀ, ਇਹ ਸੋਚ
ਕਿਤੇ ਨਿਕਲਦਿਆਂ ਹੀ ਚੂਚੇ ਬਾਗਾਂ ਦੇਣੀਆਂ ਨਾ ਸਿੱਖ ਜਾਣ
ਅਤੇ ਚੜ੍ਹ ਜਾਣ ਨਾ ਆਉਂਦੇ ਤਿਉਹਾਰਾਂ ਦੀ ਨਜ਼ਰ
ਸ਼ਾਇਦ ਉਹ ਤੋੜ ਕੇ ਸਾਰਾ ਗੁਹਾਰਾ ਕੱਲੀ ਕੱਲੀ ਪਾਥੀ ਨੂੰ ਭੰਨੇਗੀ
ਮਤਾਂ ਲੱਭ ਜਾਏ ਬੇਧਿਆਨੀ ਵਿਚ ਲੱਥ ਕੇ ਗੁਆਚੀ ਤਿੰਨ-ਨਗੀ ਮੁੰਦਰੀ।
ਉਹ ਆਲੀ ਭੋਲੀ ਤਾਂ ਭਾਲੇਗੀ ਗਰਮ ਠੂਠੀਆਂ
ਅਣਚਾਹੇ ਗਰਭ ਵਾਂਗ ਠਹਿਰ ਗਈ
ਮੇਰੀ ਘਰਾਂ ਨੂੰ ਮਕਾਨ ਸਮਝਣ ਦੀ ਅਵੈੜੀ ਬੁੱਧ ਦਾ
ਕੋਈ ਪਾਹਰ ਕਰਨ ਲਈ-
ਅਫ਼ਸੋਸ ਹੈ-ਹੁਣ ਕੋਈ ਵੀ ਚੁੱਭੀ ਥਿਆ ਨਹੀਂ ਸਕੇਗੀ
ਉਹਦੇ ਦੁੱਧ ਦੇ ਛੰਨੇ 'ਚ ਡੁੱਬ ਗਿਆ
ਮੇਰਾ ਭੋਰਾ ਜਿੰਨਾ ਅਕਸ
ਅਫ਼ਸੋਸ ਹੈ-ਹੁਣ ਕਦੇ ਨਹੀਂ ਪਰਤਣਗੇ
ਡੋਰਾਂ ਸਣੇ ਉਡ ਗਏ ਪਾਲਤੂ ਕਬੂਤਰ........
The first time progressive of modern Indian Arts ,Science , Rationality, Awareness , Curiosity,Courage, Persistence
Comments