Skip to main content

ਸ਼ਿਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ:


ਪਹਿਲੀ ਵਾਰ ਮੈਂ ਸ਼ਿਵ ਕੁਮਾਰ ਨੂੰ 1967 ਵਿਚ ਵੇਖਿਆ। ਇਹ ਉਦੋਂ ਦੀ ਗੱਲ ਹੈ ਜਦੋਂ
ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਨੇ ਪ੍ਰੀਤ-ਪਾਠਕਾਂ ਨੂੰ ਅੰਮ੍ਰਿਤਸਰ ਦੀ ਗਾਂਧੀ
ਗਰਾਊਂਡ ਵਿਚਲੇ ਓਪਨ ਏਅਰ ਥੀਏਟਰ ਵਿੱਚ 'ਪ੍ਰੀਤ-ਮਿਲਣੀ' ਉੱਤੇ ਆਉਣ ਦਾ
ਸੱਦਾ ਦਿੱਤਾ। ਧਾਰਮਿਕ ਦੀਵਾਨਾਂ ਅਤੇ ਰਾਜਸੀ ਜਲਸਿਆਂ ਤੋਂ ਇਲਾਵਾ ਇਹ
ਪਹਿਲਾ ਵੱਡਾ ਸਾਹਿਤਕ ਇਕੱਠ ਸੀ ਜਿਸ ਵਿੱਚ ਮੈਂ ਸ਼ਾਮਲ ਹੋਇਆ ਸਾਂ। ਇਹ
'ਮਿਲਣੀ' ਦੋ ਦਿਨ ਚੱਲੀ।
ਇਕੱਠ ਬੜਾ ਵਿਲੱਖਣ ਅਤੇ ਦਿਲਕਸ਼ ਸੀ। ਬਹੁਤੇ ਲੋਕ ਭਾਵੇਂ ਇੱਕ ਦੂਜੇ ਦੇ ਜਾਣ-
ਪਛਾਣ ਵਾਲੇ ਨਹੀਂ ਸਨ ਪਰ ਫ਼ਿਰ ਵੀ ਇੱਕ ਦੂਜੇ ਨਾਲ ਅਪਣੱਤ ਦੇ ਰਿਸ਼ਤੇ ਵਿੱਚ ਬੱਝੇ
ਹੋਏ ਸਨ।
ਸ਼ਿਵ ਕੁਮਾਰ ਦੀ ਉਦੋਂ ਤੂਤੀ ਬੋਲਦੀ ਸੀ। ਰਾਤ ਦਾ ਵੇਲਾ ਸੀ। ਧੜ ਧੜ
ਕਰਦਾ ਚਿੱਟੇ ਖੱਦਰ ਦਾ ਖੁੱਲ੍ਹਾ ਕੁੜਤਾ ਪਜਾਮਾ। ਉ੍ਤੇ ਮੋਤੀਆ ਰੰਗ ਦੀ
ਖੁੱਲ੍ਹੇ ਬਟਨਾਂ ਵਾਲੀ ਨਹਿਰੂ ਜੈਕਟ। ਪੈਰੀਂ ਸੁਨਿਹਿਰੀ ਤਿੱਲੇ ਜੜੀਆਂ ਚੱਪਲਾਂ। ਉਹ
ਸਟੇਜ ਉੱਤੇ ਚੜ੍ਹਿਆ ਤਾਂ ਥੀਏਟਰ ਤਾੜੀਆਂ ਨਾਲ ਗੂੰਜ ਉੱਠਿਆ। ਰਾਂਝੇ ਵਾਂਗ
ਸਿਰ 'ਤੇ ਵਾਲਾਂ ਦਾ ਖ਼ੁਸ਼ਬੂਦਾਰ ਛੱਤਾ! ਨਸ਼ਈ ਅੱਖਾਂ ਅਤੇ ਦਰਦ-ਰਿੰਝਾਣੇ ਚਿਹਰੇ
ਵਾਲੇ ਸ਼ਿਵ-ਕੁਮਾਰ ਨੇ ਬੜੀ ਨਜ਼ਾਕਤ ਨਾਲ ਹੱਥ ਉਠਾ ਕੇ ਬੋਲ ਚੁੱਕੇ:
ਨਹਿਰੂ ਦੇ ਵਾਰਸੋ ਸੁਣੋ ਆਵਾਜ਼ ਹਿੰਦੋਸਤਾਨ ਦੀ!
ਗਾਂਧੀ ਦੇ ਪੂਜਕੋ ਸੁਣੋ ਆਵਾਜ਼ ਹਿੰਦੋਸਤਾਨ ਦੀ!
ਸੁਣੋ ਸੁਣੋ ਇਹ ਬਸਤੀਆਂ ਦੇ ਮੋੜ ਕੀ ਨੇ ਆਖਦੇ
ਬੀਮਾਰ ਭੁੱਖੇ ਦੇਸ਼ ਦੇ ਇਹ ਲੋਕ ਕੀ ਨੇ ਆਖਦੇ
ਕਿਉਂ ਸੁਰਖ਼ੀਆਂ 'ਚੋਂ ਉੱਗਦੇ ਨੇ ਰੋਜ਼ ਸੂਹੇ ਹਾਦਸੇ
ਉਹਦੀ ਹਰੇਕ ਸਤਰ ਉੱਤੇ ਤਾੜੀਆਂ ਦੇ ਨਾਲ 'ਵਾਹ! ਵਾਹ!' ਦੀਆਂ ਆਵਾਜ਼ਾਂ
ਉੱਠ ਰਹੀਆਂ ਸਨ।
ਏਨੀਆਂ ਤਾੜੀਆਂ! ਹਰੇਕ ਸ਼ਿਅਰ 'ਤੇ!
ਏਨੀ ਜ਼ਿੰਦਗੀ ਬੀਤ ਜਾਣ ਬਾਅਦ ਵੀ ਮੈਂ ਕਿਸੇ ਸ਼ਾਇਰ ਨੂੰ ਏਨੀ ਦਾਦ ਮਿਲਦੀ
ਨਹੀ ਵੇਖੀ।
ਸ਼ਿਵ ਕੁਮਾਰ ਨੇ ਰੁਕ ਕੇ ਕਿਹਾ, "ਇਹ ਨਜ਼ਮ ਹਾਲ ਹੀ ਵਿੱਚ ਪ੍ਰੀਤ-ਲੜੀ ਵਿੱਚ
ਛਪੀ ਹੈ ਪਰ ਮੇਰੇ ਵੀਰ ਨਵਤੇਜ ਨੇ ਇਸਦੀਆਂ ਕੁੱਝ ਸਤਰਾਂ ਪ੍ਰੀਤ-ਲੜੀ ਵਿੱਚ
ਨਹੀਂ ਛਾਪੀਆਂ…ਉਹਨਾਂ ਦੀ ਮਜਬੂਰੀ……ਪਰ ਉਹ ਸਤਰਾਂ ਮੈਂ ਤੁਹਾਡੇ ਨਾਲ
ਸਾਂਝੀਆਂ ਕਰ ਰਿਹਾ ਹਾਂ……"
ਲੋਕ ਕੁਰਸੀਆਂ ਦੀਆਂ ਢੋਹਾਂ ਛੱਡ ਕੇ ਅੱਗੇ ਝੁਕ ਗਏ……ਸ਼ਿਵ ਕੁਮਾਰ ਦੇ ਬੋਲ ਸੁਣਨ
ਲਈ।
ਉਹਦੀ ਉੱਚੀ ਹੇਕ ਰਾਤ ਦੇ ਹਨੇਰਿਆਂ ਨੂੰ ਚੀਰ ਗਈ।
ਨਹਿਰੂ ਦੇ ਵਾਰਸੋ ਤੁਸਾਂ ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼ ਤੁਹਾਡਿਆਂ ਮਹਿਲਾਂ ਨੂੰ ਸਾੜ ਜਾਵੇਗੀ।
ਗਾਂਧੀ ਦੇ ਪੂਜਕੋ ਤੁਸਾਂ ਜੇ ਇਹ ਆਵਾਜ਼ ਨਾ ਸੁਣੀ
ਤਾਂ ਇਹ ਆਵਾਜ਼ ਖ਼ੂਨ ਦੀ ਹਵਾੜ ਲੈ ਕੇ ਆਵੇਗੀ।
ਲੋਕਾਂ ਦੇ ਸ਼ਾਬਾਸ਼ ਦਿੰਦੇ ਹੱਥ ਉੱਚੇ ਉੱਠ ਕੇ ਅਸਮਾਨ ਵੱਲ ਖੁੱਲ੍ਹ ਗਏ। ਤਾੜੀਆਂ
ਦੀ ਗੜਗੜਾਹਟ ਨਾਲ ਚੁਫ਼ੇਰਾ ਗੂੰਜ ਉੱਠਿਆ। ਸ਼ਿਵ-ਕੁਮਾਰ ਜਿਹਾ 'ਬਿਰਹਾ ਦਾ
ਸ਼ਾਇਰ' ਵੀ ਬਗ਼ਾਵਤ ਦੀ ਆਵਾਜ਼ ਬੁਲੰਦ ਕਰ ਰਿਹਾ ਸੀ। ਲੋਕ ਇਹੋ ਜਿਹੀ
ਆਵਾਜ਼ ਹੀ ਸੁਣਨਾ ਚਾਹੁੰਦੇ ਸਨ। ਤੁਰਸ਼ ਅਤੇ ਤਿੱਖੀ। ਇਹ ਆਵਾਜ਼ ਉਹਨਾਂ ਦੇ
ਦਿਲ ਦੀ ਆਵਾਜ਼ ਸੀ। ਉਹਨਾਂ ਦੀ ਆਪਣੀ ਆਵਾਜ਼। ਭਾਰਤ ਦੇ ਦੱਬੇ ਕੁਚਲੇ
ਲੋਕਾਂ ਦੀ ਸਥਾਪਤ ਤਾਕਤਾਂ ਵਿਰੁੱਧ ਰੋਹ ਭਰੀ ਬੁਲੰਦ ਆਵਾਜ਼।
ਦੋਵੇਂ ਦਿਨ ਲੋਕ ਸ਼ਿਵ ਕੁਮਾਰ ਨੂੰ ਨੇੜੇ ਢੁਕ ਢੁਕ ਵੇਖਦੇ, ਜਿਵੇਂ ਕੋਈ ਅਸਮਾਨੀ ਜੀਵ ਹੋਵੇ।
ਏਨਾ ਜਲਵਾ ਤੇ ਕਸ਼ਿਸ਼ ਸੀ ਉਹਦੀ ਸ਼ਾਇਰੀ ਤੇ ਸ਼ਖ਼ਸੀਅਤ ਦੀ।।
ਉਸਤੋਂ ਬਾਅਦ ਕਈ ਵਾਰ ਸ਼ਿਵ ਕੁਮਾਰ ਨੂੰ ਸੁਣਨ/ਮਿਲਣ ਦਾ ਮੌਕਾ ਮਿਲਿਆ ਪਰ
ਆਖ਼ਰੀ ਵਾਰ ਉਹਨੂੰ 1972 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਾਲ
ਵਿਚ ਹੋਏ ਕਵੀ ਦਰਬਾਰ ਵਿਚ ਵੇਖਿਆ।
ਇਹ ਨਕਸਲੀ ਦੌਰ ਦੀ ਚੜ੍ਹਤ ਦਾ ਸਮਾਂ ਸੀ। ਹਾਲ ਵਿਚ ਨੌਜਵਾਨ
ਵਿਦਿਆਰਥੀਆਂ ਦੀ ਭੀੜ ਸੀ।
ਜਦੋਂ ਸ਼ਿਵ ਕੁਮਾਰ ਦੀ ਵਾਰੀ ਆਈ ਤਾਂ ਉਹ ਮਾਈਕ ਦੇ ਸਾਹਮਣੇ ਆਇਆ।
ਚਿਹਰੇ ਅਤੇ ਵਾਲਾਂ ਦਾ 1967 ਵਾਲਾ ਲਟਬੌਰਾ ਹੁਸਨ ਗ਼ਾਇਬ ਸੀ। ਮੁੱਢ
ਤੱਕ ਕੱਟੇ ਵਾਲ।ਚਿਹਰੇ ਦਾ ਧੁਆਂਖਿਆ ਰੰਗ। ਇਹ ਉਹਦੀ ਸਿਖ਼ਰ ਵੱਲ ਵਧਦੀ
ਬੀਮਾਰੀ ਦੇ ਦਿਨ ਸਨ ਤੇ ਲੋਕ-ਪ੍ਰਿਅਤਾ ਦੀ ਨੀਵੀਂ ਢਲਾਣ 'ਤੇ ਰਿੜ੍ਹਣ ਦੇ
ਵੀ। ਉਹਨੇ ਪਹਿਲਾਂ ਵਾਲੇ ਅੰਦਾਜ਼ ਵਿਚ ਸਰੋਤਿਆਂ ਤੋਂ ਪੁੱਛਿਆ ਕਿ ਕੀ ਉਹ ਗਾ ਕੇ
ਸੁਣਾਵੇ ਜਾਂ ? ਪਹਿਲਾਂ ਜਦੋਂ ਉਹ ਇਹ ਸਵਾਲ ਕਰਦਾ ਸੀ ਤਾਂ ਸਰੋਤਿਆਂ ਦੀ
ਭੀੜ ਚੀਕਣ ਲੱਗਦੀ, "ਗਾ ਕੇ। ਗਾ ਕੇ।"
ਪਰ ਇਸ ਵਾਰ ਸਰੋਤਿਆਂ ਦੀ ਭੀੜ ਵਿਚ ਖ਼ਾਮੋਸ਼ੀ ਸੀ। ਕੁਝ ਪਲ ਸ਼ਿਵ ਨੇ ਜਵਾਬ
ਦੀ ਉਡੀਕ ਕੀਤੀ। ਕੋਈ ਨਹੀਂ ਬੋਲਿਆ।
ਅਚਨਚੇਤ ਇਕ ਮੁੰਡੇ ਦੀ ਉਚੀ ਆਵਾਜ਼ ਹਾਲ ਵਿਚ ਗੂੰਜੀ, "ਸਾਡੀ ਵੱਲੋਂ ਭਾਵੇਂ
ਰੋ ਕੇ ਸੁਣਾ ਦੇ।"
ਹਾਲ ਵਿਚ ਹਾਸੇ ਦਾ ਧੜਾਕਾ ਉੱਠਿਆ। ਸ਼ਿਵ ਦੇ ਦਿਲ ਦੀ ਤਾਂ ਉਹੋ ਜਾਣਦਾ
ਹੋਊ। ਪਰ ਉਹਨੇ 'ਗਾ ਕੇ' ਸੁਨਾਉਣ ਦਾ ਇਰਾਦਾ ਤਰਕ ਕਰ ਦਿੱਤਾ।
ਉਹਨੇ 'ਤਰਹ-ਮਿਸਰਾ' ਦੇ ਅੰਦਾਜ਼ ਵਿਚ ਮੱਧਮ ਤੇ ਉਦਾਸ ਸੁਰ ਵਿਚ ਬਾਬਾ ਬੂਝਾ
ਸਿੰਘ ਬਾਰੇ ਲਿਖੀ ਕਵਿਤਾ ਸੁਣਾਈ।
ਭੀੜ ਨੇ ਮਰੀਆਂ ਜਿਹੀਆਂ ਤਾੜੀਆਂ ਮਾਰੀਆਂ।
ਪਹਿਲੀ ਵਾਰ ਸ਼ਿਵ ਦਾ ਸਟੇਜੀ ਹੁਸਨ ਵੇਖਣ ਵਾਲੀ ਗੁਗਦਾਉਂਦੀ ਖ਼ੁਸ਼ੀ ਦਾ
ਅਹਿਸਾਸ ਤੇ ਆਖ਼ਰੀ ਵਾਰ ਉਹਦੇ ਨਾਲ ਜੁੜੀ ਉਦਾਸ ਕਰਨ ਵਾਲੀ ਯਾਦ
ਮੈਨੂੰ ਕਦੇ ਨਹੀਂ ਭੁੱਲਦੇ।
ਮੇਰਾ ਮੰਨਣਾ ਹੈ ਕਿ ਹੋਰ ਕਾਰਨਾਂ ਤੋਂ ਇਲਾਵਾ ਸ਼ਿਵ ਦੀ ਮੌਤ ਨੂੰ ਨੇੜੇ ਲਿਆਉਣ
ਵਾਲਾ ਇਕ ਕਾਰਨ ਉਸ ਵੇਲੇ ਦੇ ਸਾਹਿਤਕ ਮਾਹੌਲ ਵਿਚ ਸ਼ਿਵ ਦਾ ਅਪ੍ਰਸੰਗਿਕ ਹੋ
ਜਾਣਾ ਵੀ।
ਉਂਜ ਸ਼ਿਵ ਕਦੀ ਵੀ ਅਪ੍ਰਸੰਗਿਕ ਨਹੀਂ ਹੋਣ ਲੱਗਾ। ਬੰਦੇ ਅੰਦਰਲੀ ਉਦਾਸੀ ਨੂੰ
ਜ਼ਬਾਨ ਦੇਣ ਵਾਲੀ ਕਵਿਤਾ ਕਦੀ ਨਹੀਂ ਮਰਦੀ। ਏਸੇ ਕਰ ਕੇ ਸ਼ਿਵ ਅੱਜ ਵੀ
ਜਿਊਂਦਾ ਏ.

Comments

Popular posts from this blog

HOUSEFULL 2 bumper opening or ...?

There is no denying the fact that actor  Akshay Kumar 's career is going through a bad phase for the last few years. Fortunately the situation is not as bad as it was during the second half of the nineties, where the 'Khiladi' had delivered many flops in a row. In fact unlike the media perceptions, films like TEES MAAR KHAN, DE DANA DAN and DESI BOYZ have

Pash

ਕੱਲ ਸਾਡੇ ਪਿੰਡ ਵਿੱਚ ਕੁੱਝ ਨਹੀ ਹੋਇਆ ਕੱਲ ਵੀ ਸਾਡੇ ਮੂੰਹ ਸਨ -ਚਿਹਰੇ ਨਹੀ ਸਨ ਕੱਲ ਵੀ ਅਸੀ ਸਮਝਦੇ ਰਹੇ ਕਿ ਦਿਲ ਹੀ ਸੋਚਦਾ ਹੈ ਰੱਬ ਕੱਲ ਵੀ ਅੰਬਰ ਦੀਅਾਂ ਨੀਲੱਤਣਾਂ ਵਿੱਚ ਕੈਦ ਹੀ ਰਿਹਾ ਨਿਰਾਸ ਆਜੜੀ ਦੇ ਬਾੜੇ ਵਿ...