ਮੇਰੇ ਪਿੰਡ ! ਕਿਤੇ ਮੈਨੂੰ ਰਾਤ-ਬਰਾਤੇ ਮਿਲਣ ਆ
ਜਦ ਜੇਲ੍ਹ ਦੇ ਗੁੰਮਟ 'ਤੇ ਬੈਠੀ-ਦਹਿਸ਼ਤ ਤੇ ਜਹਾਲਤ ਦੀ ਗਿਰਝ
ਆਪਣੇ ਪਰਾਂ ਨੂੰ ਸਮੇਟ ਲੈਂਦੀ ਹੈ
ਸਿਰਫ ਦਰਬਾਨ ਜਾਗਦੇ ਹੋਣੇ ਨੇ-ਉਨ੍ਹਾਂ ਦਾ ਕੀ ਹੈ
ਤੂੰ ਇਸ ਤਰ੍ਹਾਂ ਆਈਂ ਨਾ !
ਜਿਵੇਂ ਬਲਦੇ ਸਿਵੇ ਤੋਂ ਬੇਖਬਰ ਲੰਘ ਆਉਂਦਾ ਹੈ ਪਰਿੰਦਾ ਕੋਈ
ਤੇ ਛੱਤੀ ਚੱਕੀਆਂ ਕੋਲ ਆ ਕੇ ਪੁੱਛੀਂ
ਮੇਰਾ ਉਹ ਨਜ਼ਰਬੰਦ ਕਿੱਥੇ ਹੈ ਜਿਸ ਦੀ ਨਜ਼ਰ
ਜਿਵੇਂ ਛੱਪੜ 'ਚ ਤਰਦਾ ਨਿਰਮਲ ਦੁਪਹਿਰਾ ਹੁੰਦੀ ਸੀ ?
ਪਰ ਕਿੱਥੇ-
ਐਨੀ ਵਿਹਲ ਕਿੱਥੇ ਹੋਣੀ ਹੈ ਤੇਰੇ ਕੋਲ
ਤੂੰ ਤਾਂ ਰੁਝਿਆ ਹੋਏਂਗਾ ਹਵਾ ਨੂੰ ਰੁਖ-ਸਿਰ ਕਰਨ 'ਚ
ਤਾਂ ਕਿ ਤੂੜੀਆਂ ਦੇ ਮੁੱਕਣ ਤੋਂ ਪਹਿਲਾਂ
ਮੂੰਗਫਲੀਆਂ ਦੀ ਉਡਾਈ ਹੋ ਸਕੇ।
ਤੂੰ ਉਨ੍ਹਾਂ ਬੱਚਿਆਂ ਲਈ ਰੇਤ ਵਿਛਾ ਰਿਹਾ ਹੋਏਂਗਾ
ਜਿਨ੍ਹਾਂ ਲਵੀਆਂ ਲਵੀਆਂ ਉਂਗਲਾਂ ਨਾਲ ਊੜਾ ਪਾਉਣਾ ਸਿੱਖਣਾ ਹੈ
ਤੇ ਉਮਰ ਭਰ ਊੜੇ ਦੇ ਚਿੱਬਾਂ ਚੋਂ
ਛੁਡਾ ਨਹੀਂ ਸਕਣਾ ਸੰਸਾਰ ਆਪਣਾ।
ਮੇਰੇ ਪਿੰਡ, ਤੇਰੀਆਂ ਰੋਹੀਆਂ ਵਿਚ ਤਾਂ ਸਿੰਮ ਰਹੀ ਹੋਵੇਗੀ
ਮੁੜ ਮੁੜ ਓਹਲਿਆਂ ਨੂੰ ਤੱਕਦੀਆਂ ਤੇ ਸੰਗ ਜਾਂਦੀਆਂ
ਕੁੜੀਆਂ ਦੀ ਅਕੜਾਂਦ
ਜੋ ਅਜੇ ਐਤਕੀਂ ਜਵਾਨ ਹੋਈਆਂ।
ਤੂੰ ਤਾਂ ਚੁਣ ਰਿਹਾ ਹੋਵੇਂਗਾ ਉਸ ਹਾਸੇ ਦੀਆਂ ਕੰਕਰਾਂ
ਜੋ ਉਨ੍ਹਾਂ ਚੋਬਰਾਂ ਦਿਆਂ ਹੋਠਾਂ ਉਤੇ ਤਿੜਕ ਗਿਆ
ਜਿਨ੍ਹਾਂ ਦੀਆਂ ਐਸ ਤਰ੍ਹਾਂ ਕੁੜਮਾਈਆਂ ਟੁਟ ਗਈਆਂ
ਕਿ ਜਿਵੇਂ ਕਸ਼ੀਦਣ ਲੱਗਿਆਂ ਤਿਆਰ ਹੋਈ ਲਾਹਣ ਦਾ
ਘੜਾ ਟੁੱਟ ਜਾਵੇ
ਤੂੰ ਆਖਰ ਪਿੰਡ ਏਂ, ਕੋਈ ਸੁਹਜਵਾਦੀ ਸ਼ਾਇਰ ਨਹੀਂ
ਜੋ ਇਸ ਫਜ਼ੂਲ ਜਹੇ ਸੰਸੇ 'ਚ ਰੁੱਝਿਆ ਰਹੇ
ਕਿ ਖਵਰੇ ਕਿੰਨੇ ਹੁੰਦੇ ਹਨ ਦੋ ਤੇ ਦੋ।
ਤੈਂਨੂੰ ਤਾਂ ਪਤਾ ਹੈ ਕਿ ਦੋ ਤੇ ਦੋ ਜੇ ਚਾਰ ਨਹੀਂ ਬਣਦੇ
ਤਾਂ ਛਿੱਲ ਤਰਾਸ਼ ਕੇ ਕਰਨੇ ਹੀ ਪੈਣਗੇ।
ਤੂੰ ਸੂਰਮਗਤੀ ਦੀ ਬੜ੍ਹਕ ਏਂ ਮੇਰੇ ਪਿੰਡ
ਏਥੇ ਨਾ ਹੀ ਆਵੀਂ ਚੋਰ ਜਿਹਾ ਬਣਕੇ-
ਮੈਂ ਆਪੇ ਹੀ ਕਿਸੇ ਦਿਨ ਪਰਤ ਆਵਾਂਗਾ
ਮੇਰਾ ਤਾਂ ਹੋਣ ਹੀ ਨਹੀਂ ਹੈ
ਤੇਰੇ ਚਿੱਕੜ ਵਿਚ ਤਿਲਕੀਆਂ ਹੋਈਆਂ ਪੈੜਾਂ ਨੂੰ ਤੱਕਣ ਤੋਂ ਬਿਨਾ
ਤੇਰੇ ਜਠੇਰਿਆਂ ਦੀ ਮਟੀ ਉੱਤੇ
ਦੀਵਿਆਂ ਨਾਲ ਮਿਲਕੇ ਝਿਲਮਲਾਉਣ ਤੋਂ ਬਿਨਾ
ਮੈਂ ਭਲਾ ਕਿੰਜ ਰਹਾਂਗਾ
ਸਾਂਝੇ ਥੱੜ੍ਹੇ ਉੱਤੇ ਬਹਿਣ ਤੋਂ ਬਿਨਾ
ਜਿੱਥੇ ਹਾਰੇ ਹੋਏ ਬੁੜ੍ਹਿਆਂ ਨੇ ਬਹਿ ਕੇ
ਪਵਿੱਤਰ ਸਚਾਈਆਂ ਦੀਆਂ ਗੱਲਾਂ ਕਰਨੀਆਂ ਹਨ...
The first time progressive of modern Indian Arts ,Science , Rationality, Awareness , Curiosity,Courage, Persistence
Comments